ਮੈਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਿਹਾ/ਰਹੀ ਹਾਂ

ਇਹ ਕਦੇ ਵੀ ਠੀਕ ਨਹੀਂ ਹੈ ਕਿ ਤੁਹਾਡਾ ਸਾਥੀ, ਪਤੀ, ਮਾਤਾ-ਪਿਤਾ ਜਾਂ ਹੋਰ ਪਰਿਵਾਰਕ ਮੈਂਬਰ ਤੁਹਾਨੂੰ ਨੁਕਸਾਨ ਪਹੁੰਚਾਉਣ ਜਾਂ ਤੁਹਾਨੂੰ ਅਸੁਰੱਖਿਅਤ ਮਹਿਸੂਸ ਕਰਵਾਉਣ। ਜਾਣੋ ਕਿ ਤੁਸੀਂ ਕੀ ਕਰ ਸਕਦੇ ਹੋ ਅਤੇ ਆਪਣੀ ਭਾਸ਼ਾ ਵਿੱਚ ਮਦਦ ਕਿਵੇਂ ਪ੍ਰਾਪਤ ਕਰਨੀ ਹੈ।
Last updated:

ਐਮਰਜੈਂਸੀ ਵਿੱਚ 

ਜੇਕਰ ਤੁਸੀਂ, ਜਾਂ ਤੁਹਾਡਾ ਕੋਈ ਜਾਣਕਾਰ, ਤੁਰੰਤ ਖ਼ਤਰੇ ਵਿੱਚ ਹੈ, ਤਾਂ ਹੁਣੇ 000 'ਤੇ ਪੁਲਿਸ ਨੂੰ ਫ਼ੋਨ ਕਰੋ। ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ 'Police' (ਪੁਲਿਸ) ਦੀ ਮੰਗ ਕਰ ਸਕਦੇ ਹੋ, ਅਤੇ ਇੱਕ ਵਾਰ ਜੁੜ ਜਾਣ 'ਤੇ, ਲਾਈਨ 'ਤੇ ਰਹੋ ਅਤੇ ਦੁਭਾਸ਼ੀਏ ਦੇ ਆਉਣ ਦੀ ਉਡੀਕ ਕਰੋ। 

ਇਸ ਪੰਨੇ ਨੂੰ ਲੁਕਾਓ  

ਤੁਸੀਂ ਦੇਖੋਗੇ ਕਿ ਇਸ ਵੈੱਬਸਾਈਟ ਵਿੱਚ ਹਰੇਕ ਪੰਨੇ ਦੇ ਸੱਜੇ ਪਾਸੇ ਇੱਕ ਸੰਤਰੀ/ਲਾਲ ਰੰਗ ਦਾ "Hide this page" (ਇਸ ਪੰਨੇ ਨੂੰ ਲੁਕਾਓ) ਬਟਨ ਹੈ। 

ਜਦੋਂ ਤੁਸੀਂ "Hide this page" (ਇਸ ਪੰਨੇ ਨੂੰ ਲੁਕਾਓ) ਬਟਨ 'ਤੇ ਕਲਿੱਕ ਕਰਦੇ ਹੋ ਜਾਂ ਆਪਣੇ ਕੰਪਿਊਟਰ 'ਤੇ Esc ਬਟਨ ਨੂੰ ਦਬਾਉਂਦੇ ਹੋ, ਤਾਂ ਇਹ ਤੁਰੰਤ ਇੱਕ ਨਵੀਂ ਵਿੰਡੋ/ਟੈਬ ਵਿੱਚ ਮੌਸਮ ਵਿਗਿਆਨ ਬਿਊਰੋ ਖੋਲ੍ਹ ਦੇਵੇਗਾ। ਇਸ ਨਵੀਂ ਵਿੰਡੋ/ਟੈਬ ਵਿੱਚ, ਤੁਸੀਂ WA.gov.au ਵੈੱਬਸਾਈਟ 'ਤੇ ਵਾਪਸ ਜਾਣ ਲਈ “back” ਬਟਨ ਨਹੀਂ ਦਬਾ ਸਕਦੇ ਹੋ।   

*ਕਿਰਪਾ ਕਰਕੇ ਧਿਆਨ ਦਿਓ: ਪੁਰਾਣੀ ਵਿੰਡੋ/ਟੈਬ ਜਿਸ ਵਿੱਚ WA.gov.au ਵੈੱਬਸਾਈਟ ਸੀ, ਉਹ ਵੀ ਮੌਸਮ ਵਿਗਿਆਨ ਬਿਊਰੋ ਖੋਲ੍ਹੇਗੀ ਅਤੇ ਇਸ ਟੈਬ ਵਿੱਚ, ਤੁਸੀਂ “back” ਬਟਨ ਦਬਾ ਕੇ WA.gov.au ਵੈੱਬਸਾਈਟ 'ਤੇ ਵਾਪਸ ਜਾ ਸਕਦੇ ਹੋ। ਸੰਵੇਦਨਸ਼ੀਲ ਜਾਣਕਾਰੀ ਨੂੰ ਲੁਕਾਉਣ ਲਈ, ਆਪਣੀ ਬ੍ਰਾਊਜ਼ਰ ਹਿਸਟਰੀ ਨੂੰ ਨਿਯਮਿਤ ਤੌਰ 'ਤੇ ਮਿਟਾਉਣਾ ਮਹੱਤਵਪੂਰਨ ਹੈ। 


ਪਰਿਵਾਰਕ ਅਤੇ ਘਰੇਲੂ ਹਿੰਸਾ ਕਦੇ ਵੀ ਠੀਕ ਨਹੀਂ ਹੁੰਦੀ ਹੈ। ਭਾਵੇਂ ਕੋਈ ਵੀ ਲਿੰਗ, ਲਿੰਗਕਤਾ, ਧਰਮ, ਸੱਭਿਆਚਾਰਕ ਪਿਛੋਕੜ, ਜਾਂ ਕਿਸੇ ਵੀ ਕਿਸਮ ਦੇ ਰਿਸ਼ਤੇ ਸ਼ਾਮਲ ਹੋਣ, ਤੁਹਾਨੂੰ ਹਿੰਸਾ ਜਾਂ ਡਰ ਤੋਂ ਬਿਨਾਂ ਜੀਵਨ ਬਿਤਾਉਣ ਦਾ ਅਧਿਕਾਰ ਹੈ।  

ਪਰਿਵਾਰਕ ਅਤੇ ਘਰੇਲੂ ਹਿੰਸਾ ਸਿਰਫ਼ ਸਰੀਰਕ ਹਿੰਸਾ ਹੀ ਨਹੀਂ ਹੁੰਦੀ ਹੈ। ਇਹ ਉਹ ਵਿਵਹਾਰ ਹੁੰਦੇ ਹਨ ਜੋ ਪਰਿਵਾਰ ਜਾਂ ਨਿੱਜੀ ਰਿਸ਼ਤੇ ਵਿੱਚ ਕਿਸੇ ਹੋਰ ਵਿਅਕਤੀ ਨਾਲ ਜ਼ਬਰਦਸਤੀ ਕਰਨ, ਕੰਟਰੋਲ ਕਰਨ ਜਾਂ ਡਰ ਪੈਦਾ ਕਰਨ ਲਈ ਵਰਤੇ ਜਾਂਦੇ ਹਨ।

ਪਰਿਵਾਰਕ ਅਤੇ ਘਰੇਲੂ ਹਿੰਸਾ ਅਕਸਰ ਵੱਖ-ਵੱਖ ਸੋਸ਼ਣ ਵਾਲੇ ਵਿਵਹਾਰਾਂ ਦਾ ਇੱਕ ਪੈਟਰਨ ਹੁੰਦੀ ਹੈ, ਜਿਸਦੀ ਵਰਤੋਂ ਕੋਈ ਵਿਅਕਤੀ ਸਮੇਂ ਦੇ ਨਾਲ ਕਿਸੇ ਨੂੰ ਕੰਟਰੋਲ ਕਰਨ ਅਤੇ ਨੁਕਸਾਨ ਪਹੁੰਚਾਉਣ ਲਈ ਕਰਦਾ ਹੈ, ਅਤੇ ਇਸ ਵਿੱਚ ਆਮ ਤੌਰ 'ਤੇ ਜ਼ਬਰਨ ਕੰਟਰੋਲ ਕਰਨਾ ਸ਼ਾਮਲ ਹੁੰਦਾ ਹੈ।      

ਜ਼ਬਰਨ ਕੰਟਰੋਲ ਕੀ ਹੁੰਦਾ ਹੈ? 

ਜ਼ਬਰਨ ਕੰਟਰੋਲ ਕਰਨਾ ਉਹ ਹੁੰਦਾ ਹੈ, ਜਦੋਂ ਕੋਈ ਵਿਅਕਤੀ ਸੋਸ਼ਣ ਭਰੀਆਂ ਹਰਕਤਾਂ ਦੇ ਇੱਕ ਲਗਾਤਾਰ ਪੈਟਰਨ ਰਾਹੀਂ ਦੂਜੇ ਵਿਅਕਤੀ ਨੂੰ ਡਰਾਉਂਦਾ ਹੈ ਅਤੇ ਉਸ ਦੀ ਆਜ਼ਾਦੀ ਤੇ ਆਤਮ-ਨਿਰਭਰਤਾ ਖੋਹ ਲੈਂਦਾ ਹੈ। ਜੋ ਲੋਕ ਜ਼ਬਰਨ ਕੰਟਰੋਲ ਦੀ ਵਰਤੋਂ ਕਰਦੇ ਹਨ, ਉਹ ਤਾਕਤ ਅਤੇ ਕਾਬੂ ਹੇਠ ਰੱਖਣ ਲਈ ਕਈ ਵੱਖ-ਵੱਖ ਤਰੀਕਿਆਂ, ਸੋਸ਼ਣ ਵਾਲੇ ਵਿਵਹਾਰਾਂ ਦੀ ਵਰਤੋਂ ਕਰਦੇ ਹਨ। 

ਇਸ ਵਿੱਚ ਵਿੱਤੀ ਸ਼ੋਸ਼ਣ, ਪਿੱਛਾ ਕਰਨਾ ਅਤੇ ਤੰਗ-ਪ੍ਰੇਸ਼ਾਨ ਕਰਨਾ, ਸਮਾਜਿਕ ਤੌਰ 'ਤੇ ਸੋਸ਼ਣ ਅਤੇ ਇਕੱਲਾ ਕਰਨਾ, ਭਾਵਨਾਤਮਕ ਅਤੇ ਮਾਨਸਿਕ ਸ਼ੋਸ਼ਣ, ਅਧਿਆਤਮਿਕ ਸੋਸ਼ਣ, ਜਿਨਸੀ ਜਾਂ ਪ੍ਰਜਨਨ ਸੰਬੰਧੀ ਜ਼ਬਰਦਸਤੀ, ਅਤੇ ਇੱਜ਼ਤ ਦੇ ਨਾਮ ‘ਤੇ ਹਿੰਸਾ ਕਰਨੀ ਸ਼ਾਮਲ ਹੋ ਸਕਦੀ ਹੈ। ਪਰਿਵਾਰਕ ਅਤੇ ਘਰੇਲੂ ਹਿੰਸਾ ਆਸਟ੍ਰੇਲੀਆ ਵਿੱਚ ਇੱਕ ਅਪਰਾਧ ਹੈ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜਿਸ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੁੱਝ ਹੋਰ ਭਾਸ਼ਾਵਾਂ ਵਿੱਚ ਅਨੁਵਾਦਿਤ ਆਡੀਓ ਸਮੱਗਰੀ ਉਪਲਬਧ ਹੈ)। 

ਕੋਈ ਵਿਅਕਤੀ ਤੁਹਾਡੇ ਸੱਭਿਆਚਾਰ, ਪ੍ਰਵਾਸ ਜਾਂ ਵੀਜ਼ਾ ਸਥਿਤੀ ਦੀ ਵਰਤੋਂ ਤੁਹਾਨੂੰ ਕੰਟਰੋਲ ਕਰਨ ਲਈ ਕਿਵੇਂ ਕਰ ਸਕਦਾ ਹੈ?   

ਪਰਿਵਾਰਕ ਅਤੇ ਘਰੇਲੂ ਹਿੰਸਾ ਕਿਸੇ ਵੀ ਸੱਭਿਆਚਾਰ ਦੇ ਕਿਸੇ ਵੀ ਵਿਅਕਤੀ ਨਾਲ ਹੋ ਸਕਦੀ ਹੈ। ਪਰਿਵਾਰਕ ਅਤੇ ਘਰੇਲੂ ਹਿੰਸਾ ਵਿੱਚ ਇਹ ਸ਼ਾਮਲ ਹੋ ਸਕਦੇ ਹਨ:  

  • ਤੁਹਾਨੂੰ ਕੰਟਰੋਲ ਕਰਨ ਲਈ ਤੁਹਾਡੀ ਵੀਜ਼ਾ ਸਥਿਤੀ ਦੀ ਵਰਤੋਂ ਕਰਨਾ ਅਤੇ ਤੁਹਾਨੂੰ ਦੇਸ਼ ਨਿਕਾਲਾ ਦੇਣ ਦੀ ਧਮਕੀ ਦੇਣਾ।  
  • ਤੁਹਾਨੂੰ ਅੰਗਰੇਜ਼ੀ ਸਿੱਖਣ ਤੋਂ ਰੋਕਣਾ।  
  • ਤੁਹਾਨੂੰ ਦੋਸਤਾਂ, ਪਰਿਵਾਰ ਅਤੇ ਉਨ੍ਹਾਂ ਲੋਕਾਂ ਤੋਂ ਦੂਰ ਕਰਨਾ ਜੋ ਤੁਹਾਡੀ ਭਾਸ਼ਾ ਬੋਲਦੇ ਹਨ।  
  • ਤੁਹਾਨੂੰ ਤੁਹਾਡੀ ਮਰਜ਼ੀ ਦੇ ਵਿਰੁੱਧ ਵਿਆਹ ਜਾਂ ਰਿਸ਼ਤੇ ਵਿੱਚ ਮਜ਼ਬੂਰ ਕਰਨਾ।  
  • ਤੁਹਾਡਾ ਪਾਸਪੋਰਟ ਜਾਂ ਹੋਰ ਮਹੱਤਵਪੂਰਨ ਦਸਤਾਵੇਜ਼ ਨਸ਼ਟ ਕਰਨਾ। 
  • ਤੁਹਾਨੂੰ ਤੁਹਾਡੀ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰਨ ਤੋਂ ਰੋਕਣਾ। 
  • ਤੁਹਾਨੂੰ ਤੁਹਾਡੇ ਭਾਈਚਾਰੇ ਅਤੇ ਸੱਭਿਆਚਾਰ ਤੋਂ ਦੂਰ ਕਰਨਾ। 
  • ਇਹ ਕੰਟਰੋਲ ਕਰਨਾ ਕਿ ਤੁਸੀਂ ਬੱਚਾ ਕਰਨਾ ਹੈ ਜਾਂ ਨਹੀਂ।  
  • ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾਉਣਾ ਅਤੇ ਕਹਿਣਾ ਕਿ ਇਹ ਤੁਹਾਡੇ ਸੱਭਿਆਚਾਰ ਜਾਂ ਧਰਮ ਦੇ ਕਰਕੇ ਠੀਕ ਹੈ।  
  • ਵਿਦੇਸ਼ਾਂ ਵਿੱਚ ਰਹਿੰਦੇ ਤੁਹਾਡੇ ਪਰਿਵਾਰ ਜਾਂ ਦੋਸਤਾਂ ਨੂੰ ਧਮਕੀਆਂ ਦੇਣਾ। 

ਹੇਠਾਂ ਕੁੱਝ ਸਵਾਲ ਹਨ ਜਿਨ੍ਹਾਂ ਬਾਰੇ ਸੋਚਣਾ ਤੁਹਾਨੂੰ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਕੁੱਝ ਚੇਤਾਵਨੀ ਸੰਕੇਤਾਂ ਅਤੇ ਨਿਸ਼ਾਨੀਆਂ ਦੀ ਪਛਾਣ ਕਰਨ ਵਿੱਚ ਮਦਦ ਕਰ ਸਕਦਾ ਹੈ: 

  • ਕੀ ਤੁਹਾਨੂੰ ਇਹ ਸੋਚ ਕੇ ਸਾਵਧਾਨ ਰਹਿਣਾ ਪੈਂਦਾ ਹੈ ਕਿ ਤੁਸੀਂ ਕੀ ਕਹਿੰਦੇ ਹੋ ਜਾਂ ਕੀ ਕਰਦੇ ਹੋ, ਤਾਂ ਜੋ ਕੋਈ ਗੁੱਸੇ ਜਾਂ ਨਾਰਾਜ਼ ਨਾ ਹੋ ਜਾਵੇ? 
  • ਕੀ ਉਹ ਤੁਹਾਨੂੰ ਤੁਹਾਡੇ ਦੋਸਤਾਂ ਅਤੇ ਪਰਿਵਾਰ ਨਾਲ ਮਿਲਣ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਹਨ? 
  • ਕੀ ਉਹ ਤੁਹਾਨੂੰ ਆਪਣੇ ਆਪ 'ਤੇ ਸ਼ੱਕ ਕਰਨ ਲਈ ਮਜ਼ਬੂਰ ਕਰਦੇ ਹਨ ਜਾਂ ਤੁਹਾਡੀ ਅਸਲੀਅਤ ਬਾਰੇ ਸਵਾਲ ਖੜ੍ਹੇ ਕਰਦੇ ਹਨ? 
  • ਕੀ ਉਹ ਤੁਹਾਨੂੰ ਦਿਨ ਭਰ ਵਾਰ-ਵਾਰ ਮੈਸਜ਼ ਅਤੇ ਫ਼ੋਨ ਕਾਲਾਂ ਕਰਕੇ ਤੰਗ ਕਰਦੇ ਹਨ? 

ਇਹ ਪਤਾ ਕਰਨ ਲਈ ਕਿ ਕੀ ਤੁਸੀਂ ਜਾਂ ਤੁਹਾਡਾ ਕੋਈ ਪਿਆਰਾ ਵਿਅਕਤੀ ਪਰਿਵਾਰਕ ਅਤੇ ਘਰੇਲੂ ਹਿੰਸਾ ਦਾ ਅਨੁਭਵ ਕਰ ਰਿਹਾ ਹੈ ਜਾਂ ਨਹੀਂ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ)। 

ਪਰਿਵਾਰਕ ਅਤੇ ਘਰੇਲੂ ਹਿੰਸਾ ਦੀ ਪਛਾਣ ਕਿਵੇਂ ਕਰੀਏ

ਦੋਸਤਾਂ ਅਤੇ ਪਰਿਵਾਰ ਲਈ ਸਲਾਹ 

ਕੋਈ ਦੋਸਤ ਜਾਂ ਪਿਆਰਾ ਵਿਅਕਤੀ ਸ਼ਾਇਦ ਇਹ ਸਾਂਝਾ ਕਰਨ ਲਈ ਤਿਆਰ ਨਾ ਹੋਵੇ ਕਿ ਉਹ ਹਿੰਸਾ ਦਾ ਅਨੁਭਵ ਕਰ ਰਹੇ ਹਨ, ਪਰ ਉਹ ਕੁੱਝ ਸੰਕੇਤ ਦਿਖਾ ਸਕਦੇ ਹਨ ਕਿ ਕੁੱਝ ਗ਼ਲਤ ਹੈ। ਜੇਕਰ ਕੋਈ ਦੋਸਤ ਜਾਂ ਪਿਆਰਾ ਵਿਅਕਤੀ ਤੁਹਾਡੇ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕਰਦਾ ਹੈ, ਤਾਂ ਇਹ ਮਹੱਤਵਪੂਰਨ ਹੈ ਕਿ ਤੁਸੀਂ ਸੁਰੱਖਿਅਤ ਅਤੇ ਬਿਨਾਂ ਕੋਈ ਧਾਰਨਾ ਕਾਇਮ ਕਰਨ ਵਾਲੇ ਰਵੱਈਏ ਨਾਲ ਪੇਸ਼ ਆਓ। ਸੁਣੋ, ਅਤੇ ਵਿਅਕਤੀ ਨੂੰ ਇਹ ਚੁਣਨ ਦਿਓ ਕਿ ਉਹ ਕੀ ਸਾਂਝਾ ਕਰਨਾ ਚਾਹੁੰਦੇ ਹਨ ਅਤੇ ਅੱਗੇ ਕੀ ਕਰਨ ਦਾ ਫ਼ੈਸਲਾ ਕਰਦੇ ਹਨ। 

ਜਾਣਨ ਯੋਗ ਮਹੱਤਵਪੂਰਨ ਗੱਲਾਂ  

  • ਤੁਹਾਡੀ ਭਾਸ਼ਾ ਨੂੰ ਕਦੇ ਵੀ ਤੁਹਾਨੂੰ ਮਦਦ ਪ੍ਰਾਪਤ ਕਰਨ ਤੋਂ ਨਹੀਂ ਰੋਕਣਾ ਚਾਹੀਦਾ। ਹਰ ਕਿਸੇ ਲਈ ਸਹਾਇਤਾ ਸੇਵਾਵਾਂ ਅਤੇ ਅਨੁਵਾਦਕ ਉਪਲਬਧ ਹਨ। ਹੋਰ ਜਾਣਕਾਰੀ ਲਈ ਹੇਠਾਂ ਦਿੱਤਾ 'ਮਦਦ ਅਤੇ ਸਹਾਇਤਾ' ਭਾਗ ਵੇਖੋ।  
  • ਆਸਟ੍ਰੇਲੀਆ ਵਿੱਚ ਜ਼ਬਰਦਸਤੀ ਵਿਆਹ ਅਤੇ ਨਾਬਾਲਗ ਦਾ ਜ਼ਬਰਦਸਤੀ ਵਿਆਹ ਕਰਨਾ ਇੱਕ ਅਪਰਾਧ ਹੈ। ਕਿਸੇ ਨੂੰ ਵੀ ਉਸ ਦੀ ਮਰਜ਼ੀ ਦੇ ਖਿਲਾਫ਼ ਵਿਆਹ ਕਰਨ ਲਈ ਮਜ਼ਬੂਰ ਨਹੀਂ ਕੀਤਾ ਜਾਣਾ ਚਾਹੀਦਾ ਹੈ। ਜ਼ਬਰਦਸਤੀ ਵਿਆਹ ਬਾਰੇ ਹੋਰ ਜਾਣਨ ਲਈ ਅਤੇ ਵੱਖ-ਵੱਖ ਭਾਸ਼ਾਵਾਂ ਵਿੱਚ ਸਰੋਤ ਦੇਖਣ ਲਈ ਅਟਾਰਨੀ-ਜਨਰਲ ਵਿਭਾਗ ਦੀ ਵੈੱਬਸਾਈਟ 'ਤੇ ਜਾਓ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਭਾਸ਼ਾ ਵਿੱਚ ਉਪਲਬਧ ਹੈ)। 
  • ਪਤੀ-ਪਤਨੀ ਜਾਂ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਗਿਆ ਸੋਸ਼ਣ ਅਤੇ ਹਿੰਸਾ ਅਪਰਾਧ ਹਨ। ਤੁਹਾਨੂੰ ਆਪਣੀ ਮਰਜ਼ੀ ਦੇ ਵਿਰੁੱਧ ਸੈਕਸ ਕਰਨ ਲਈ ਮਜ਼ਬੂਰ ਕਰਨਾ, ਭਾਵੇਂ ਵਿਆਹ ਵਿੱਚ ਹੀ ਕਿਉਂ ਨਾ ਹੋਵੇ, ਬਲਾਤਕਾਰ ਹੈ ਅਤੇ ਇਹ ਇੱਕ ਅਪਰਾਧ ਹੈ। 
  • ਬਾਲ ਸ਼ੋਸ਼ਣ ਵਿੱਚ ਸਰੀਰਕ, ਮਾਨਸਿਕ, ਭਾਵਨਾਤਮਕ ਅਤੇ ਜਿਨਸੀ ਸ਼ੋਸ਼ਣ ਸ਼ਾਮਲ ਹੁੰਦੇ ਹਨ। ਕਿਸੇ ਬੱਚੇ ਨੂੰ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਸੰਪਰਕ ਵਿੱਚ ਲਿਆਉਣਾ ਵੀ ਬਾਲ ਸ਼ੋਸ਼ਣ ਦਾ ਇੱਕ ਰੂਪ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਕੋਈ ਬੱਚਾ ਤੁਰੰਤ ਖ਼ਤਰੇ ਜਾਂ ਜੀਵਨ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਸਥਿਤੀ ਵਿੱਚ ਹੈ, ਤਾਂ 000 'ਤੇ ਡਾਇਲ ਕਰਕੇ ਤੁਰੰਤ ਵੈਸਟਰਨ ਆਸਟ੍ਰੇਲੀਆ ਦੀ ਪੁਲਿਸ ਫੋਰਸ ਨਾਲ ਸੰਪਰਕ ਕਰੋ। ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ 'ਪੁਲਿਸ' ਦੀ ਮੰਗ ਕਰ ਸਕਦੇ ਹੋ, ਅਤੇ ਇੱਕ ਵਾਰ ਜੁੜ ਜਾਣ 'ਤੇ, ਲਾਈਨ 'ਤੇ ਰਹੋ ਅਤੇ ਦੁਭਾਸ਼ੀਏ ਦੇ ਆਉਣ ਦੀ ਉਡੀਕ ਕਰੋ। ਜੇਕਰ ਤੁਹਾਨੂੰ ਕਿਸੇ ਬੱਚੇ ਦੀ ਭਲਾਈ ਬਾਰੇ ਚਿੰਤਤ ਹੋ (ਅਤੇ ਇਸ ਲਈ ਤੁਰੰਤ ਪੁਲਿਸ ਧਿਆਨ ਦੀ ਲੋੜ ਨਹੀਂ ਹੈ), ਤਾਂ ਕਿਰਪਾ ਕਰਕੇ 1800 273 889 'ਤੇ ਡਿਪਾਰਟਮੈਂਟ ਆਫ਼ ਕਮਿਊਨਿਟੀਜ਼ ਨਾਲ ਸੰਪਰਕ ਕਰੋ। ਜਾਂ ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ 131 450 'ਤੇ ਫ਼ੋਨ ਕਰੋ ਅਤੇ ਡਿਪਾਰਟਮੈਂਟ ਆਫ਼ ਕਮਿਊਨਿਟੀਜ਼ WA ਨਾਲ ਸੰਪਰਕ ਕਰਵਾਉਣ ਦੀ ਬੇਨਤੀ ਕਰੋ।
  • ਕੋਈ ਸਾਥੀ, ਪਰਿਵਾਰਕ ਮੈਂਬਰ ਜਾਂ ਭਾਈਚਾਰੇ ਦੇ ਹੋਰ ਲੋਕ ਤੁਹਾਡੇ ਵੀਜ਼ਾ ਦਰਜੇ ਬਾਰੇ ਤੁਹਾਨੂੰ ਧਮਕੀ ਨਹੀਂ ਦੇ ਸਕਦਾ ਹਨ। ਜੇਕਰ ਤੁਹਾਡੇ ਕੋਲ ਅਸਥਾਈ ਪਾਰਟਨਰ ਵੀਜ਼ਾ (ਸਬ-ਕਲਾਸ 309 ਜਾਂ 820) ਜਾਂ ਪ੍ਰੋਸਪੈਕਟਿਵ ਮੈਰਿਜ ਵੀਜ਼ਾ (ਸਬ-ਕਲਾਸ 300) ਹੈ ਅਤੇ ਤੁਸੀਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ, ਅਤੇ ਤੁਹਾਡਾ ਰਿਸ਼ਤਾ ਖ਼ਤਮ ਹੋ ਗਿਆ ਹੈ, ਤਾਂ ਤੁਸੀਂ ਆਪਣੇ ਤੌਰ 'ਤੇ ਆਸਟ੍ਰੇਲੀਆ ਵਿੱਚ ਰਹਿਣ ਲਈ ਅਰਜ਼ੀ ਦੇ ਸਕਦੇ ਹੋ। ਪਰਿਵਾਰਕ ਹਿੰਸਾ ਅਤੇ ਪਾਰਟਨਰ ਵੀਜ਼ਿਆਂ ਬਾਰੇ ਹੋਰ ਜਾਣਨ ਲਈ Department of Home Affairs ਦੀ ਵੈੱਬਸਾਈਟ 'ਤੇ ਜਾਓ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ)।  

ਤੁਸੀਂ ਕਿਹੜੀਆਂ ਰੁਕਾਵਟਾਂ ਦਾ ਸਾਹਮਣਾ ਕਰ ਰਹੇ ਹੋ ਸਕਦੇ ਹੋ?  

ਤੁਹਾਨੂੰ ਵਿਲੱਖਣ ਚੁਣੌਤੀਆਂ ਅਤੇ ਜ਼ੋਖਮਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ:  

  • ਭਾਸ਼ਾ ਅਤੇ ਸੰਚਾਰ ਨਾਲ ਸੰਬੰਧਿਤ ਰੁਕਾਵਟਾਂ। 
  • ਭੇਦਭਾਵ ਦਾ ਡਰ।  
  • ਸੈਟਲਮੈਂਟ ਅਤੇ ਇਮੀਗ੍ਰੇਸ਼ਨ ਨਾਲ ਜੁੜੀਆਂ ਸਮੱਸਿਆਵਾਂ।  
  • ਪ੍ਰਵਾਸ ਤੋਂ ਪਹਿਲਾਂ ਦੇ ਸਦਮੇ ਅਤੇ ਸੋਸ਼ਣ ਦਾ ਅਨੁਭਵ।  
  • ਪਰਿਵਾਰ ਅਤੇ ਭਾਈਚਾਰਕ ਸਹਾਇਤਾ ਦੀ ਘਾਟ।  
  • ਵਿੱਤੀ ਸਹਾਇਤਾ ਦੀ ਘਾਟ।  
  • ਉਨ੍ਹਾਂ ਪ੍ਰਣਾਲੀਆਂ ਅਤੇ ਕਾਨੂੰਨਾਂ ਬਾਰੇ ਸਮਝ ਦੀ ਘਾਟ, ਜੋ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕਰਦੇ ਹਨ। 
  • ਪਰਿਵਾਰਕ ਅਤੇ ਘਰੇਲੂ ਹਿੰਸਾ ਨੂੰ ਸਵੀਕਾਰ ਕਰਨ ਲਈ ਮਜ਼ਬੂਰ ਕੀਤਾ ਜਾਣਾ। 

ਤੁਹਾਡੇ ਲਈ ਉਪਲਬਧ ਮਦਦ ਅਤੇ ਸਹਾਇਤਾ

ਜੇਕਰ ਤੁਸੀਂ ਪਰਿਵਾਰਕ ਹਿੰਸਾ ਦਾ ਅਨੁਭਵ ਕਰ ਰਹੇ ਹੋ, ਤਾਂ ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਇਹ ਹਿੰਸਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੈ। ਤੁਹਾਨੂੰ ਸੁਰੱਖਿਅਤ ਮਹਿਸੂਸ ਕਰਨ ਦਾ ਅਧਿਕਾਰ ਹੈ ਅਤੇ ਅਜਿਹੀਆਂ ਖ਼ਾਸ ਸੇਵਾਵਾਂ ਅਤੇ ਸਰੋਤ ਉਪਲਬਧ ਹਨ ਜੋ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸਹਾਇਤਾ ਪ੍ਰਦਾਨ ਕਰਦੇ ਹਨ। 

ਸੇਵਾਵਾਂ ਅਤੇ ਅਨੁਵਾਦਿਤ ਸਰੋਤ

  • ਬਹੁ-ਸੱਭਿਆਚਾਰਕ ਔਰਤਾਂ ਦੀ ਵਕਾਲਤ ਅਤੇ ਸਹਾਇਤਾ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): ਪ੍ਰਵਾਸੀ, ਸ਼ਰਨਾਰਥੀ, ਜਾਂ ਸੱਭਿਆਚਾਰਕ ਅਤੇ ਭਾਸ਼ਾਈ ਤੌਰ 'ਤੇ ਵਿਭਿੰਨ ਪਿਛੋਕੜ ਵਾਲੀਆਂ ਔਰਤਾਂ ਦੀ ਸੁਰੱਖਿਆ ਨੂੰ ਉਤਸ਼ਾਹਿਤ ਕਰਦਾ ਹੈ।  ਆਊਟਰੀਚ ਸੇਵਾਵਾਂ ਰੌਕਿੰਘਮ/ਫ੍ਰੀਮੈਂਟਲ, ਗੋਸਨੇਲਸ, ਮੀਰਾਬੂਕਾ ਅਤੇ ਨੌਰਥਬ੍ਰਿਜ ਵਿੱਚ ਉਪਲਬਧ ਹਨ। ਫ਼ੋਨ: (08) 9328 1200 
  • ਈਸ਼ਰ ਬਹੁ-ਸੱਭਿਆਚਾਰਕ ਔਰਤਾਂ ਦੀ ਸਿਹਤ ਸੇਵਾ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): ਇਹ ਵੱਖ-ਵੱਖ ਜੀਵਨ ਪਿਛੋਕੜਾਂ ਅਤੇ ਸੱਭਿਆਚਾਰਕ ਪਿਛੋਕੜਾਂ ਵਾਲੀਆਂ ਔਰਤਾਂ ਨੂੰ ਸੰਪੂਰਨ ਸੇਵਾਵਾਂ ਪ੍ਰਦਾਨ ਕਰਦੀ ਹੈ। ਫ਼ੋਨ: (08) 9345 5335 
  • WA ਦਾ ਬਹੁ-ਸੱਭਿਆਚਾਰਕ ਸੇਵਾਵਾਂ ਕੇਂਦਰ: ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਲਈ ਕਈ ਤਰ੍ਹਾਂ ਦੇ ਪ੍ਰੋਗਰਾਮ ਅਤੇ ਸੇਵਾਵਾਂ ਪ੍ਰਦਾਨ ਕਰਦਾ ਹੈ। ਫ਼ੋਨ: (08) 9328 2699 
  • ਸੈਂਟਰਲਿੰਕ - ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਸੇਵਾਵਾਂ: ਸੈਂਟਰਲਿੰਕ ਦੀਆਂ ਭੁਗਤਾਨ ਅਤੇ ਸੇਵਾਵਾਂ ਬਾਰੇ ਕਿਸੇ ਹੁਨਰਮੰਦ ਦੋਭਾਸ਼ੀ ਸੇਵਾ ਅਧਿਕਾਰੀ ਨਾਲ ਗੱਲ ਕਰੋ। ਫ਼ੋਨ: 131 202 (ਸੋਮਵਾਰ ਤੋਂ ਸ਼ੁੱਕਰਵਾਰ, ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ)। 
  • ਕਿੰਨ ਐਡਵੋਕੇਸੀ: ਇਹ ਵੱਖ-ਵੱਖ ਪਿਛੋਕੜਾਂ ਤੋਂ ਆਉਣ ਵਾਲੇ ਅਪਾਹਜਤਾ ਨਾਲ ਜੀਵਨ ਬਿਤਾਉਂਦੇ ਲੋਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ।  ਫ਼ੋਨ: (08) 9388 7455; ਮੁਫ਼ਤ ਕਾਲ 1800 659 921 
  • ਫੈਮਿਲੀ ਸੇਫ਼ਟੀ ਪੈਕ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): ਇਹ ਸਰੋਤ ਆਸਟ੍ਰੇਲੀਆਈ ਸਰਕਾਰ ਦੇ ਸੋਸ਼ਲ ਸਰਵਿਸਜ਼ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ, ਜਿਸ ਵਿੱਚ ਘਰੇਲੂ ਅਤੇ ਪਰਿਵਾਰਕ ਹਿੰਸਾ, ਜਿਨਸੀ ਹਮਲੇ ਅਤੇ ਜ਼ਬਰਦਸਤੀ ਵਿਆਹ ਬਾਰੇ ਆਸਟ੍ਰੇਲੀਆ ਦੇ ਕਾਨੂੰਨਾਂ ਸੰਬੰਧੀ ਜਾਣਕਾਰੀ ਸ਼ਾਮਲ ਹੈ। ਇਸਦਾ ਉਦੇਸ਼ ਪ੍ਰਵਾਸੀ ਪਿਛੋਕੜ ਵਾਲੀਆਂ ਔਰਤਾਂ ਵਿਰੁੱਧ ਹਿੰਸਾ ਨੂੰ ਘਟਾਉਣਾ ਹੈ, ਇਹ ਯਕੀਨੀ ਬਣਾਉਂਦੇ ਹੋਏ ਕਿ ਉਹ ਆਪਣੇ ਅਧਿਕਾਰਾਂ ਨੂੰ ਸਮਝਦੀਆਂ ਹਨ ਅਤੇ ਜੇਕਰ ਲੋੜ ਹੋਵੇ ਤਾਂ ਸਹਾਇਤਾ ਕਿੱਥੋਂ ਪ੍ਰਾਪਤ ਕਰਨੀ ਹੈ। ਇਸ ਪੈਕ ਵਿੱਚ ਵੱਖ-ਵੱਖ ਵਿਸ਼ਿਆਂ 'ਤੇ ਫੈਕਟਸ਼ੀਟਾਂ ਸ਼ਾਮਲ ਹਨ, ਜੋ 40 ਤੋਂ ਵੱਧ ਭਾਸ਼ਾਵਾਂ ਵਿੱਚ ਅਨੁਵਾਦਿਤ ਹਨ। 

ਹੈਲਪਲਾਈਨਾਂ ਨਾਲ ਸੰਪਰਕ ਕਰੋ

ਸਹਾਇਤਾ ਲਈ ਸਿਖਲਾਈ ਪ੍ਰਾਪਤ ਕਾਊਂਸਲਰਾਂ ਨਾਲ ਗੱਲ ਕਰੋ ਅਤੇ ਆਪਣੇ ਵਿਕਲਪਾਂ 'ਤੇ ਚਰਚਾ ਕਰੋ। ਜੇਕਰ ਤੁਸੀਂ ਅੰਗਰੇਜ਼ੀ ਬੋਲਣ ਵਿੱਚ ਆਤਮ-ਵਿਸ਼ਵਾਸੀ ਨਹੀਂ ਹੋ, ਤਾਂ ਮੁਫ਼ਤ ਦੁਭਾਸ਼ੀਏ ਉਪਲਬਧ ਹਨ। ਟ੍ਰਾਂਸਲੇਟਿੰਗ ਐਂਡ ਇੰਟ੍ਰਪ੍ਰੇਟਿੰਗ ਸਰਵਿਸ ਨਾਲ 13 14 50 'ਤੇ ਸੰਪਰਕ ਕਰੋ, ਅਤੇ ਉਹ ਤੁਹਾਨੂੰ ਤੁਹਾਡੀ ਪਸੰਦ ਦੀ ਸੇਵਾ ਨਾਲ ਜੋੜ ਸਕਦੇ ਹਨ ਅਤੇ ਤੁਹਾਡੇ ਲਈ ਅਨੁਵਾਦ ਕਰ ਸਕਦੇ ਹਨ। ਜੇਕਰ ਤੁਸੀਂ ਚਿੰਤਤ ਹੋ ਕਿ ਤੁਹਾਡੇ ਫ਼ੋਨ 'ਤੇ ਨਜ਼ਰ ਰੱਖੀ ਜਾ ਰਹੀ ਹੈ ਤਾਂ ਕਿਸੇ ਦੋਸਤ ਦੇ ਫ਼ੋਨ ਦੀ ਵਰਤੋਂ ਕਰੋ।  

  • 1800RESPECT: ਰਾਸ਼ਟਰੀ ਜਿਨਸੀ ਹਮਲੇ, ਅਤੇ ਪਰਿਵਾਰਕ ਅਤੇ ਘਰੇਲੂ ਹਿੰਸਾ ਕਾਊਂਸਲਿੰਗ ਸੇਵਾ ਹੈ। ਫ਼ੋਨ: 1800 737 732 
  • ਔਰਤਾਂ ਦੀ ਘਰੇਲੂ ਹਿੰਸਾ ਹੈਲਪਲਾਈਨ:ਵੈਸਟਰਨ ਆਸਟ੍ਰੇਲੀਆ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਦਾ ਸਾਹਮਣਾ ਕਰ ਰਹੀਆਂ ਔਰਤਾਂ, ਬੱਚਿਆਂ ਵਾਲੀਆਂ ਜਾਂ ਬਿਨਾਂ ਬੱਚਿਆਂ ਵਾਲੀਆਂ, ਲਈ ਸਹਾਇਤਾ ਪ੍ਰਦਾਨ ਕਰਦੀ ਹੈ (ਜਿਸ ਵਿੱਚ ਔਰਤਾਂ ਲਈ ਸ਼ਰਨ ਲਈ ਰੈਫ਼ਰਲ ਸ਼ਾਮਲ ਹਨ)। ਫ਼ੋਨ: 1800 007 339। *ਇਹ ਹੈਲਪਲਾਈਨ ਡਿਪਾਰਟਮੈਂਟ ਆਫ਼ ਕਮਿਊਨਿਟੀਜ਼ ਦੁਆਰਾ ਚਲਾਈ ਜਾਂਦੀ ਹੈ, ਅਤੇ ਤੁਹਾਡੀ ਕਾਲ ਦਾ ਜਵਾਬ ਇੱਕ ਬਾਲ ਸੁਰੱਖਿਆ ਕਰਮਚਾਰੀ ਵੱਲੋਂ ਦਿੱਤਾ ਜਾਵੇਗਾ। ਅਸੀਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। 
  • ਮਰਦਾਂ ਦੀ ਘਰੇਲੂ ਹਿੰਸਾ ਹੈਲਪਲਾਈਨ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): ਉਨ੍ਹਾਂ ਮਰਦਾਂ ਲਈ ਟੈਲੀਫ਼ੋਨ ਜਾਣਕਾਰੀ ਅਤੇ ਰੈਫ਼ਰਲ ਪ੍ਰਦਾਨ ਕਰਦੀ ਹੈ ਜੋ ਆਪਣੇ ਹਿੰਸਕ ਅਤੇ ਸੋਸ਼ਣ ਵਾਲੇ ਵਿਵਹਾਰ ਬਾਰੇ ਚਿੰਤਤ ਹਨ, ਅਤੇ ਵੈਸਟਰਨ ਆਸਟ੍ਰੇਲੀਆ ਵਿੱਚ ਪਰਿਵਾਰਕ ਅਤੇ ਘਰੇਲੂ ਹਿੰਸਾ ਦੇ ਮਰਦ ਪੀੜਤਾਂ ਲਈ। ਫ਼ੋਨ: 1800 000 599। *ਇਹ ਹੈਲਪਲਾਈਨ ਡਿਪਾਰਟਮੈਂਟ ਆਫ਼ ਕਮਿਊਨਿਟੀਜ਼ ਦੁਆਰਾ ਚਲਾਈ ਜਾਂਦੀ ਹੈ, ਅਤੇ ਤੁਹਾਡੀ ਕਾਲ ਦਾ ਜਵਾਬ ਇੱਕ ਬਾਲ ਸੁਰੱਖਿਆ ਕਰਮਚਾਰੀ ਵੱਲੋਂ ਦਿੱਤਾ ਜਾਵੇਗਾ। ਅਸੀਂ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। 
  • ਕਿੱਡਜ਼ ਹੈਲਪਲਾਈਨ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): 5–25 ਸਾਲ ਦੀ ਉਮਰ ਦੇ ਲੋਕਾਂ ਲਈ ਮੁਫ਼ਤ ਸਹਾਇਤਾ ਅਤੇ ਕਾਊਂਸਲਿੰਗ (ਸਮੱਸਿਆਵਾਂ ਬਾਰੇ ਗੱਲ ਕਰਨਾ) ਪ੍ਰਦਾਨ ਕਰਦੀ ਹੈ। ਫ਼ੋਨ: 1800 551 800 
  • ਬੱਚੇ ਦੀ ਤੰਦਰੁਸਤੀ ਲਈ ਚਿੰਤਾ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): ਜੇਕਰ ਤੁਸੀਂ ਕਿਸੇ ਬੱਚੇ ਦੀ ਭਲਾਈ ਬਾਰੇ ਚਿੰਤਤ ਹੋ, ਤਾਂ ਕਿਰਪਾ ਕਰਕੇ ਡਿਪਾਰਟਮੈਂਟ ਆਫ਼ ਕਮਿਊਨਿਟੀਜ਼ ਚਾਈਲਡ ਪ੍ਰੋਟੈਕਸ਼ਨ ਸੈਂਟਰਲ ਇਨਟੇਕ ਟੀਮ ਨਾਲ 1800 273 889 'ਤੇ ਸੰਪਰਕ ਕਰੋ। ਜੇਕਰ ਤੁਸੀਂ ਕਾਰੋਬਾਰੀ ਸਮੇਂ ਤੋਂ ਬਾਅਦ ਫ਼ੋਨ ਕਰ ਰਹੇ ਹੋ, ਤਾਂ 1800 199 008 'ਤੇ ਕ੍ਰਾਈਸਿਸ ਕੇਅਰ ਉਪਲਬਧ ਹੈ ਅਤੇ ਇਹ ਵੈਸਟਰਨ ਆਸਟ੍ਰੇਲੀਆ ਵਿੱਚ ਬੱਚਿਆਂ ਦੀ ਸੁਰੱਖਿਆ ਅਤੇ ਭਲਾਈ ਬਾਰੇ ਰਿਪੋਰਟ ਕੀਤੀਆਂ ਚਿੰਤਾਵਾਂ ਲਈ ਕਾਰੋਬਾਰੀ ਸਮੇਂ ਤੋਂ ਬਾਅਦ ਸਹਾਇਤਾ ਦੇ ਨਾਲ-ਨਾਲ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਜਾਣਕਾਰੀ ਅਤੇ ਰੈਫ਼ਰਲ ਪ੍ਰਦਾਨ ਕਰਦੀ ਹੈ। ਬਾਲ ਸੁਰੱਖਿਆ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਚਾਈਲਡ ਪ੍ਰੋਟੈਕਸ਼ਨ 'ਤੇ ਜਾਓ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ)। 
  • ਮੈਨਜ਼ਲਾਈਨ ਆਸਟ੍ਰੇਲੀਆ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): ਪਰਿਵਾਰਕ ਅਤੇ ਰਿਸ਼ਤਿਆਂ ਨਾਲ ਜੁੜੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਮਰਦਾਂ ਅਤੇ ਲੜਕਿਆਂ ਲਈ ਸਹਾਇਤਾ ਪ੍ਰਦਾਨ ਕਰਦੀ ਹੈ। ਉਹਨਾਂ ਮਰਦਾਂ ਲਈ ਸਹਾਇਤਾ ਜੋ ਚਿੰਤਤ ਹਨ ਕਿ ਉਹਨਾਂ ਦਾ ਵਿਵਹਾਰ ਉਹਨਾਂ ਲੋਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਜਿਨ੍ਹਾਂ ਦੀ ਉਹ ਪਰਵਾਹ ਕਰਦੇ ਹਨ। ਫ਼ੋਨ: 1300 78 99 78   

ਹੋਰ ਸਹਾਇਤਾ ਸੇਵਾਵਾਂ ਅਤੇ ਹੈਲਪਲਾਈਨਾਂ ਇੱਥੇ ਲੱਭੋ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ): 

ਪਰਿਵਾਰਕ ਅਤੇ ਘਰੇਲੂ ਹਿੰਸਾ ਸਹਾਇਤਾ ਸੇਵਾਵਾਂ ਅਤੇ ਸਰੋਤ

ਆਪਣੀ ਸੁਰੱਖਿਆ ਦੀ ਯੋਜਨਾ ਬਣਾਓ 

ਤੁਸੀਂ ਆਪਣੀ ਅਤੇ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਕੁੱਝ ਕਦਮ ਚੁੱਕ ਸਕਦੇ ਹੋ। ਚਾਹੇ ਤੁਸੀਂ ਰਿਸ਼ਤੇ ਵਿੱਚ ਰਹਿਣ ਦਾ ਫ਼ੈਸਲਾ ਕਰੋ ਜਾਂ ਛੱਡਣ ਦਾ, ਤੁਹਾਡੇ ਲਈ ਸੁਰੱਖਿਆ ਸੰਬੰਧੀ ਸੁਝਾਅ ਅਤੇ ਸਰੋਤ ਉਪਲਬਧ ਹਨ ਜੋ ਤੁਹਾਡੀ ਮਦਦ ਕਰ ਸਕਦੇ ਹਨ।  

ਤੁਸੀਂ ਸੁਰੱਖਿਆ ਯੋਜਨਾ ਬਣਾਉਣ ਵਿੱਚ ਮਦਦ ਲੈਣ ਲਈ ਪਰਿਵਾਰਕ ਅਤੇ ਘਰੇਲੂ ਹਿੰਸਾ ਸੇਵਾ ਨਾਲ ਸੰਪਰਕ ਕਰ ਸਕਦੇ ਹੋ। ਤੁਹਾਡੀ ਸਥਿਤੀ ਕੋਈ ਵੀ ਹੋਵੇ (ਇਹ ਲਿੰਕ ਤੁਹਾਨੂੰ ਇੱਕ ਅਜਿਹੇ ਪੰਨੇ 'ਤੇ ਲੈ ਜਾਵੇਗਾ ਜੋ ਇਸ ਵੇਲੇ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹੈ), ਮਦਦ ਉਪਲਬਧ ਹੈ। ਇਹ ਪੜ੍ਹੋ ਕਿ ਤੁਸੀਂ ਜਿੰਨਾ ਸੰਭਵ ਹੋ ਸਕੇ ਵੱਧ ਤੋਂ ਵੱਧ ਸੁਰੱਖਿਅਤ ਰਹਿਣ ਲਈ ਕਿਹੜੇ ਕਦਮ ਚੁੱਕ ਸਕਦੇ ਹੋ (ਹੇਠਾਂ ਦਿੱਤੇ ਲਿੰਕ ਤੁਹਾਨੂੰ ਉਨ੍ਹਾਂ ਪੰਨਿਆਂ 'ਤੇ ਲੈ ਜਾਣਗੇ ਜੋ ਵਰਤਮਾਨ ਵਿੱਚ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹਨ):  

ਇਹ ਵੀ ਵੇਖੋ  

ਹੇਠਾਂ ਦਿੱਤੇ ਲਿੰਕ ਤੁਹਾਨੂੰ ਉਨ੍ਹਾਂ ਪੰਨਿਆਂ 'ਤੇ ਲੈ ਜਾਣਗੇ ਜੋ ਵਰਤਮਾਨ ਵਿੱਚ ਸਿਰਫ਼ ਅੰਗਰੇਜ਼ੀ ਵਿੱਚ ਉਪਲਬਧ ਹਨ

ਸ਼ਬਦਾਵਲੀ

ਸ਼ਬਦਾਵਲੀ ਡਾਊਨਲੋਡ ਕਰੋ

TERMਸ਼ਬਦਪਰਿਭਾਸ਼ਾ
Coercive controlਜ਼ਬਰਨ ਕੰਟਰੋਲ ਕਰਨਾਜ਼ਬਰਨ ਕੰਟਰੋਲ ਕਰਨਾ ਉਹ ਹੁੰਦਾ ਹੈ, ਜਦੋਂ ਕੋਈ ਵਿਅਕਤੀ ਸੋਸ਼ਣ ਭਰੀਆਂ ਹਰਕਤਾਂ ਦੇ ਇੱਕ ਲਗਾਤਾਰ ਪੈਟਰਨ ਰਾਹੀਂ ਦੂਜੇ ਵਿਅਕਤੀ ਨੂੰ ਡਰਾਉਂਦਾ ਹੈ ਅਤੇ ਉਸ ਦੀ ਆਜ਼ਾਦੀ ਤੇ ਆਤਮ-ਨਿਰਭਰਤਾ ਖੋਹ ਲੈਂਦਾ ਹੈ।
ਜੋ ਲੋਕ ਜ਼ਬਰਨ ਕੰਟਰੋਲ ਦੀ ਵਰਤੋਂ ਕਰਦੇ ਹਨ, ਉਹ ਤਾਕਤ ਅਤੇ ਕਾਬੂ ਹੇਠ ਰੱਖਣ ਲਈ ਕਈ ਵੱਖ-ਵੱਖ ਤਰੀਕਿਆਂ ਸੋਸ਼ਣ ਵਾਲੇ ਵਿਵਹਾਰਾਂ ਦੀ ਵਰਤੋਂ ਕਰਦੇ ਹਨ।
Child abuseਬਾਲ ਸ਼ੋਸ਼ਣਬਾਲ ਸ਼ੋਸ਼ਣ ਵਿੱਚ ਉਹ ਕੋਈ ਵੀ ਕਿਰਿਆ ਜਾਂ ਕਿਰਿਆ ਨਾ ਕਰਨਾ ਸ਼ਾਮਲ ਹੈ, ਜਿਸ ਨਾਲ ਬੱਚੇ ਨੂੰ ਨੁਕਸਾਨ ਪਹੁੰਚਦਾ ਹੈ, ਜਾਂ ਨੁਕਸਾਨ ਪਹੁੰਚ ਸਕਦਾ ਹੈ।
Emotional abuseਭਾਵਨਾਤਮਕ ਸ਼ੋਸ਼ਣਭਾਵਨਾਤਮਕ ਸ਼ੋਸ਼ਣ ਉਹ ਵਿਵਹਾਰ ਹੈ ਜਿਸਦਾ ਉਦੇਸ਼ ਭਾਵਨਾਤਮਕ ਜਾਂ ਮਾਨਸਿਕ ਨੁਕਸਾਨ ਪਹੁੰਚਾਉਣਾ ਹੁੰਦਾ ਹੈ। ਇਸ ਵਿੱਚ ਇਹ ਕਰਨਾ ਸ਼ਾਮਲ ਹੋ ਸਕਦਾ ਹੈ:
•    ਉਸ ਵਿਅਕਤੀ ਨੂੰ ਲੋਕਾਂ ਸਾਹਮਣੇ ਸ਼ਰਮਿੰਦਾ ਕਰਨਾ
•    ਗਾਲਾਂ ਕੱਢਣਾ / ਮੰਦੇ ਨਾਮਾਂ ਨਾਲ ਬੁਲਾਉਣਾ
•    ਉਨ੍ਹਾਂ ਨੂੰ ਅਣਡਿੱਠਾ ਕਰਨਾ ਜਾਂ ਇਹ ਦਿਖਾਵਾ ਕਰਨਾ ਕਿ ਉਹ ਉੱਥੇ ਮੌਜੂਦ ਹੀ ਨਹੀਂ ਹਨ
•    ਅਜਿਹੀਆਂ ਗੱਲਾਂ ਜਾਂ ਕੰਮ ਕਰਨਾ, ਜੋ ਉਨ੍ਹਾਂ ਨੂੰ ਉਲਝਣ ਵਿੱਚ ਪਾ ਦੇਣ।
•    ਉਹ ਜੋ ਕੁੱਝ ਵੀ ਕਹਿਣ, ਹਮੇਸ਼ਾ ਉਨ੍ਹਾਂ ਦੀ ਗੱਲ ਨੂੰ ਸਹੀ ਕਰਨਾ/ਟੋਕਣਾ।
Family 
and domestic 
violence
ਪਰਿਵਾਰਕ ਅਤੇ ਘਰੇਲੂ ਹਿੰਸਾ

ਪਰਿਵਾਰਕ ਅਤੇ ਘਰੇਲੂ ਹਿੰਸਾ (FDV) ਵਿਵਹਾਰਾਂ ਦਾ ਉਹ ਨਮੂਨਾ ਹੈ ਜਿਸਦਾ ਉਦੇਸ਼ ਕਿਸੇ ਨਿੱਜੀ (ਮੌਜੂਦਾ ਅਤੇ ਸਾਬਕਾ ਸਾਥੀਆਂ) ਜਾਂ ਪਰਿਵਾਰਕ ਰਿਸ਼ਤਿਆਂ ਵਿੱਚ ਜ਼ਬਰਦਸਤੀ, ਕੰਟਰੋਲ ਅਤੇ ਡਰ ਪੈਦਾ ਕਰਨਾ ਹੁੰਦਾ ਹੈ। 

FDV ਵਿੱਚ ਹਿੰਸਕ, ਸੋਸ਼ਣ ਅਤੇ ਕੰਟਰੋਲ ਕਰਨ ਵਾਲੇ ਕਈ ਵਿਵਹਾਰ ਸ਼ਾਮਲ ਹੁੰਦੇ ਹਨ, ਜਿਸ ਵਿੱਚ ਸਰੀਰਕ ਹਿੰਸਾ, ਜਿਨਸੀ ਹਿੰਸਾ, ਭਾਵਨਾਤਮਕ ਸ਼ੋਸ਼ਣ, ਪਾਲਣ-ਪੋਸ਼ਣ ਵਿੱਚ ਆਤਮ-ਵਿਸ਼ਵਾਸ ਨੂੰ ਕਮਜ਼ੋਰ ਕਰਨਾ ਜਾਂ ਪਾਲਣ-ਪੋਸ਼ਣ ਕਰਨ ਵਿੱਚ ਵਿਘਨ ਪਾਉਣਾ, ਮਾਂ ਨੂੰ ਕਾਬੂ ਹੇਠ ਕਰਨ ਲਈ ਬੱਚਿਆਂ ਦੀ ਵਰਤੋਂ ਕਰਨਾ ਜਾਂ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ, ਵਿੱਤੀ ਸ਼ੋਸ਼ਣ ਅਤੇ ਸਮਾਜਿਕ ਤੌਰ 'ਤੇ ਇਕੱਲੇ ਕਰਨਾ ਸ਼ਾਮਲ ਹਨ।

Family and 
domestic violence 
paid leave
ਪਰਿਵਾਰਕ ਅਤੇ ਘਰੇਲੂ ਹਿੰਸਾ ਲਈ ਤਨਖ਼ਾਹ ਸਮੇਤ ਛੁੱਟੀਸਾਰੇ ਕਰਮਚਾਰੀਆਂ ਨੂੰ ਹਰ ਸਾਲ 10 ਦਿਨ ਦੀ ਤਨਖ਼ਾਹ ਸਮੇਤ ਪਰਿਵਾਰਕ ਅਤੇ ਘਰੇਲੂ ਹਿੰਸਾ ਛੁੱਟੀ ਮਿਲਣ ਦਾ ਹੱਕ ਹੈ।
ਇਸ ਵਿੱਚ ਫੁੱਲ-ਟਾਈਮ, ਪਾਰਟ-ਟਾਈਮ ਅਤੇ ਕੈਜ਼ੁਅਲ ਕਰਮਚਾਰੀ ਸ਼ਾਮਲ ਹਨ।
Family Violence 
Restraining Order 
(FVRO)
ਪਰਿਵਾਰਕ ਹਿੰਸਾ ਰੋਕਥਾਮ ਆਦੇਸ਼ (FVRO)ਪਰਿਵਾਰਕ ਹਿੰਸਾ ਰੋਕਥਾਮ ਆਦੇਸ਼ (FVRO) ਇੱਕ ਅਦਾਲਤੀ ਹੁਕਮ ਹੁੰਦਾ ਹੈ, ਜੋ ਘਰੇਲੂ ਹਿੰਸਾ ਦੀ ਸਥਿਤੀ ਵਿਚਲੇ ਕਿਸੇ ਵਿਅਕਤੀ ਅਤੇ ਉਸਦੇ ਪਰਿਵਾਰ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦਾ ਹੈ।
Financial abuseਵਿੱਤੀ ਸ਼ੋਸ਼ਣ

ਵਿੱਤੀ ਸੋਸ਼ਣ ਉਹ ਵਿਵਹਾਰ ਹੈ, ਜੋ ਕਿਸੇ ਦੂਜੇ ਵਿਅਕਤੀ ਦੀ ਵਿੱਤੀ ਆਤਮ-ਨਿਰਭਰਤਾ ਨੂੰ ਪ੍ਰਭਾਵਿਤ ਕਰਦਾ ਹੈ।

ਇਹ ਕਿਸੇ ਵਿਅਕਤੀ ਦੀ ਪੈਸੇ ਤੱਕ ਪਹੁੰਚ ਨੂੰ ਸੀਮਤ ਕਰਨਾ ਅਤੇ/ਜਾਂ ਉਹਨਾਂ ਤੋਂ ਉਹਨਾਂ ਦੇ ਖ਼ਰਚਿਆਂ ਦਾ ਹਿਸਾਬ ਮੰਗਣਾ ਹੋ ਸਕਦਾ ਹੈ।

ਇਸ ਵਿੱਚ ਇਹ ਵੀ ਹੋ ਸਕਦਾ ਹੈ ਕਿ ਕੋਈ ਵਿਅਕਤੀ ਦੂਜੇ ਵਿਅਕਤੀ ਦੇ ਪੈਸਿਆਂ ਨੂੰ ਅਜਿਹੇ ਤਰੀਕਿਆਂ ਨਾਲ ਵਰਤੇ ਜਿਨ੍ਹਾਂ ਨਾਲ ਉਹ ਵਿਅਕਤੀ ਸਹਿਮਤ ਨਹੀਂ ਹੈ, ਜਾਂ ਜਿਨ੍ਹਾਂ ਲਈ ਉਸ ਨੇ ਰਜ਼ਾਮੰਦੀ ਨਹੀਂ ਦਿੱਤੀ ਹੈ।

ਵਿੱਤੀ ਸੋਸ਼ਣ ਵਿੱਚ ਕਿਸੇ ਵਿਅਕਤੀ ਨੂੰ ਆਪਣੀ ਸੰਪਤੀ (ਜਿਵੇਂ ਕਿ ਉਹਨਾਂ ਦੀ ਕਾਰ, ਜਾਂ ਉਹਨਾਂ ਦੀ ਜਾਇਦਾਦ) ਵੇਚਣ ਲਈ ਦਬਾਅ ਪਾਉਣਾ ਵੀ ਸ਼ਾਮਲ ਹੋ ਸਕਦਾ ਹੈ, ਤਾਂ ਜੋ ਉਹਨਾਂ ਦੀ ਆਤਮ-ਨਿਰਭਰਤਾ ਖੋਹੀ ਜਾ ਸਕੇ।

ਵਿੱਤੀ ਸੋਸ਼ਣ ਵਿੱਚ ਕਿਸੇ ਨੂੰ ਨੌਕਰੀ ਲੈਣ ਤੋਂ ਰੋਕਣਾ ਜਾਂ ਉਹਨਾਂ ਨੂੰ ਉਹ ਕਰਜ਼ੇ ਲੈਣ ਲਈ ਮਜ਼ਜਬੂਰ ਕਰਨਾ ਵੀ ਸ਼ਾਮਲ ਹੋ ਸਕਦਾ ਹੈ ਜੋ ਉਹ ਨਹੀਂ ਲੈਣਾ ਚਾਹੁੰਦੇ ਹਨ।

Gaslightingਗੈਸਲਾਈਟਿੰਗ (ਅਸਲੀਅਤ ਤੋਂ ਭਟਕਾਉਣਾ)

ਗੈਸਲਾਈਟਿੰਗ ਸਮੇਂ ਦੇ ਨਾਲ ਹੁੰਦੀ ਹੈ ਅਤੇ ਹਰ ਵਾਰ ਜਦੋਂ ਇਹ ਵਾਪਰਦੀ ਹੈ ਤਾਂ ਇਹ ਵੱਖਰੀ ਦਿਖਾਈ ਦੇ ਸਕਦੀ ਹੈ।
ਗੈਸਲਾਈਟਿੰਗ ਪੀੜਤ ਵਿਅਕਤੀ ਨੂੰ ਆਪਣੇ ਹੀ ਵਿਚਾਰਾਂ, ਅਸਲੀਅਤ ਦੀ ਸਮਝ, ਜਾਂ ਯਾਦਾਂ ਦੇ ਸੱਚ ਹੋਣ 'ਤੇ ਸਵਾਲ ਖੜ੍ਹੇ ਕਰਨ ਲਗਾ ਦਿੰਦੀ ਹੈ।
ਇਸ ਨਾਲ ਉਲਝਣ, ਆਤਮ-ਵਿਸ਼ਵਾਸ ਅਤੇ ਸਵੈ-ਸਮਮਾਨ ਵਿੱਚ ਕਮੀ, ਅਤੇ ਆਪਣੀ ਮਾਨਸਿਕ ਸਥਿਰਤਾ ਬਾਰੇ ਅਨਿਸ਼ਚਿਤਤਾ ਹੋ ਸਕਦੀ ਹੈ।
ਗੈਸਲਾਈਟਿੰਗ ਦਾ ਇੱਕ ਆਮ ਨਤੀਜਾ ਪੀੜਤ ਦਾ ਅਪਰਾਧੀ ‘ਤੇ ਨਿਰਭਰ ਬਣ ਜਾਣਾ ਹੈ।

ਗੈਸਲਾਈਟਿੰਗ ਇੱਕ ਅਜਿਹੀ ਰਣਨੀਤੀ ਹੈ ਜਿਸਦਾ ਉਦੇਸ਼ ਕਿਸੇ ਦੀ ਯਾਦਦਾਸ਼ਤ, ਅੰਦਰੂਨੀ ਅਹਿਸਾਸ ਅਤੇ ਸਵੈ-ਮਾਣ ਵਿੱਚ ਭਰੋਸਾ ਨੂੰ ਤੋੜਨਾ ਹੈ।

ਇਸ ਵਿੱਚ ਸੋਸ਼ਣ ਕਰਨ ਵਾਲਾ ਵਿਅਕਤੀ ਪੀੜਤ ਨੂੰ ਉਸਦੀ ਆਪਣੀ ਸੱਚਾਈ, ਅਨੁਭਵ ਅਤੇ ਸੂਝ-ਬੂਝ ‘ਤੇ ਸ਼ੱਕ ਕਰਨ ਲਗਾ ਦਿੰਦਾ ਹੈ, ਇਸ ਗੱਲ 'ਤੇ ਜ਼ੋਰ ਦੇ ਕੇ ਕਿ ਉਹ ਹਮੇਸ਼ਾ ਸਹੀ ਹੈ ਅਤੇ ਹਾਲਾਤਾਂ ਦੀ ਆਪਣੀ ਕਹਾਣੀ ਪੀੜਤ ‘ਤੇ ਥੋਪਦਾ ਹੈ, ਭਾਵੇਂ ਸਬੂਤ ਉਸ ਦੇ ਖਿਲਾਫ਼ ਹੀ ਕਿਉਂ ਨਾ ਹੋਣ।
ਅਸਲ ਵਿੱਚ, ਗੈਸਲਾਈਟਿੰਗ ਝੂਠ ਅਤੇ ਸੱਚ ਦੀ ਹੇਰਾਫੇਰੀ ‘ਤੇ ਆਧਾਰਿਤ ਹੁੰਦੀ ਹੈ।

Gender 
inequality
ਲਿੰਗ ਅਸਮਾਨਤਾਲਿੰਗ ਅਸਮਾਨਤਾ ਉਹ ਹੁੰਦੀ ਹੈ ਜਦੋਂ ਇੱਕ ਲਿੰਗ ਜਾਂ ਲਿੰਗ ਪਛਾਣ ਦਾ ਲਗਾਤਾਰ ਦੂਜੇ ਨਾਲੋਂ ਵਧੇਰੇ ਪੱਖ ਲਿਆ ਜਾਂਦਾ ਹੈ ਜਾਂ ਤਰਜੀਹ ਦਿੱਤੀ ਜਾਂਦੀ ਹੈ।
ਉਹਨਾਂ ਨੂੰ ਵਧੇਰੇ ਮੌਕੇ ਮਿਲ ਸਕਦੇ ਹਨ, ਜਾਂ ਉਹਨਾਂ ਕੋਲ ਵਧੇਰੇ ਕੰਟਰੋਲ, ਤਾਕਤ ਅਤੇ ਅਧਿਕਾਰ ਹੋ ਸਕਦੇ ਹਨ।
Honour-based 
violence
ਇੱਜ਼ਤ ਦੇ ਨਾਮ 'ਤੇ ਹਿੰਸਾ

ਇੱਜ਼ਤ ਦੇ ਨਾਮ ‘ਤੇ ਹਿੰਸਾ ਵਿੱਚ ਕੋਈ ਪਹਿਲਾਂ ਤੋਂ ਸੋਚੀ-ਸਮਝੀ ਕਾਰਵਾਈ ਸ਼ਾਮਲ ਹੋ ਸਕਦੀ ਹੈ, ਜੋ ਸਮਾਜਿਕ “ਇੱਜ਼ਤ” ਨੂੰ ਨਿਯਮ ਜਾਂ ਰਿਵਾਜ ਦੇ ਆਧਾਰ ‘ਤੇ “ਬਹਾਲ” ਕਰਨ ਲਈ ਕੀਤੀ ਜਾਂਦੀ ਹੈ। ਇਹ ਪਰਿਵਾਰਕ ਤਾਣੇ-ਬਾਣੇ ਦੇ ਸਮੂਹਿਕ ਢਾਂਚੇ ਦੇ ਅੰਦਰ ਬਣਿਆ ਅਤੇ ਬੰਨ੍ਹਿਆ ਹੋਇਆ ਹੈ; ਅਤੇ ਅਕਸਰ ਔਰਤਾਂ ਦੀਆਂ ਕਾਮੁਕ ਅਤੇ ਸਮਾਜਿਕ ਚੋਣਾਂ ਨੂੰ ਕੰਟਰੋਲ ਕਰਨ ਲਈ ਮਰਦਾਂ ਦੇ ਕਥਿਤ ਅਧਿਕਾਰ ਨਾਲ ਜੁੜਿਆ ਹੁੰਦਾ ਹੈ।

ਇੱਜ਼ਤ ਦੇ ਨਾਮ ‘ਤੇ ਸੋਸ਼ਣ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਸ ਵਿੱਚ ਬਾਲ ਵਿਆਹ, ਕੁਆਰੇਪਣ ਦੀ ਜਾਂਚ, ਜ਼ਬਰਦਸਤੀ ਗਰਭਪਾਤ, ਜ਼ਬਰਦਸਤੀ ਵਿਆਹ, ਔਰਤਾਂ ਜਨਨ ਅੰਗਾਂ ਦੀ ਕਟਾਈ (FGM), ਦੇ ਨਾਲ-ਨਾਲ ਸਰੀਰਕ, ਜਿਨਸੀ, ਆਰਥਿਕ ਸ਼ੋਸ਼ਣ ਅਤੇ ਜ਼ਬਰਨ ਕੰਟਰੋਲ ਸ਼ਾਮਲ ਹਨ।

ਇੱਜ਼ਤ ਦੇ ਨਾਮ ‘ਤੇ ਸੋਸ਼ਣ ਕਰਨਾ ਇੱਕ ਅਪਰਾਧ ਜਾਂ ਘਟਨਾ ਹੈ, ਜੋ ਪਰਿਵਾਰ ਜਾਂ ਭਾਈਚਾਰੇ ਦੀ “ਇੱਜ਼ਤ” ਦੀ ਰੱਖਿਆ ਜਾਂ ਬਚਾਅ ਕਰਨ ਦੇ ਨਾਂ ‘ਤੇ ਕੀਤਾ ਜਾਂਦਾ ਹੈ।

ਜੇਕਰ ਕਿਸੇ ਵਿਅਕਤੀ ਦਾ ਪਰਿਵਾਰ ਜਾਂ ਭਾਈਚਾਰਾ ਇਹ ਸੋਚਦਾ ਹੈ ਕਿ ਉਹਨਾਂ ਨੇ ਕਿਸੇ ਖ਼ਾਸ ਤਰੀਕੇ ਨਾਲ ਵਿਵਹਾਰ ਕਰਕੇ ਉਹਨਾਂ ਨੂੰ ਸ਼ਰਮਸਾਰ ਜਾਂ ਸ਼ਰਮਿੰਦਾ ਕੀਤਾ ਹੈ, ਤਾਂ ਉਹ ਉਹਨਾਂ ਨੂੰ ਆਪਣੇ ''ਇੱਜ਼ਤ'' ਦੇ ਜ਼ਾਬਤੇ ਨੂੰ ਤੋੜਨ ਲਈ ਸਜ਼ਾ ਦੇ ਸਕਦੇ ਹਨ।

Intimidationਡਰਾਉਣਾ-ਧਮਕਾਉਣਾਕਿਸੇ ਨੂੰ ਡਰਾਉਣ ਲਈ ਸ਼ਬਦਾਂ, ਕਾਰਵਾਈਆਂ ਜਾਂ ਧਮਕੀਆਂ ਦੀ ਵਰਤੋਂ ਕਰਨਾ।
Lived experienceਆਪ-ਬੀਤਿਆਂ ਅਨੁਭਵਇਹ ਦਰਸਾਉਂਦਾ ਹੈ:
•    ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੇ ਪਰਿਵਾਰਕ ਅਤੇ ਘਰੇਲੂ ਹਿੰਸਾ ਦਾ ਅਨੁਭਵ ਕੀਤਾ ਹੈ
•    ਉਨ੍ਹਾਂ ਲੋਕਾਂ ਨੂੰ, ਜਿਨ੍ਹਾਂ ਨੂੰ ਪਰਿਵਾਰਕ ਅਤੇ ਘਰੇਲੂ ਹਿੰਸਾ ਪ੍ਰਣਾਲੀ ਦੀ ਵਰਤੋਂ ਕਰਨ ਨਾਲ ਜੁੜਿਆ ਅਨੁਭਵ ਹੈ.
•    ਉਨ੍ਹਾਂ ਪਰਿਵਾਰਾਂ, ਦੇਖਭਾਲ ਕਰਨ ਵਾਲਿਆਂ ਅਤੇ ਹੋਰ ਲੋਕਾਂ ਨੂੰ, ਜੋ ਪਰਿਵਾਰਕ ਅਤੇ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਹੋਏ ਹਨ।
Love bombingਲਵ ਬੌਮਿੰਗਰਿਸ਼ਤੇ ਦੀ ਸ਼ੁਰੂਆਤ ਬੇਹੱਦ ਤਾਰੀਫ਼ ਕਰਕੇ, ਬਹੁਤ ਜ਼ਿਆਦਾ ਧਿਆਨ ਦੇ ਕੇ, ਵੱਡੇ ਵਾਅਦੇ ਕਰਕੇ ਜਾਂ ਪੀੜਤ ਨੂੰ ਬਹੁਤ ਜਲਦੀ ਇਹ ਦੱਸ ਕੇ ਕਰਨਾ ਕਿ ਉਹ ਉਨ੍ਹਾਂ ਨੂੰ ਪਿਆਰ ਕਰਦੇ ਹਨ।
Monitoring ਨਿਗਰਾਨੀਜਦੋਂ ਕੋਈ ਵਿਅਕਤੀ ਕਿਸੇ ਦੂਜੇ ਵਿਅਕਤੀ ਦੇ ਵਿਵਹਾਰ ਦੀ ਨਿਗਰਾਨੀ ਕਰਦਾ ਹੈ, ਉਹ ਕਿੱਥੇ ਹਨ, ਉਹ ਕਿਸ ਨਾਲ ਮਿਲਦੇ ਹਨ ਅਤੇ ਗੱਲ ਕਰ ਰਹੇ ਹਨ।
Perpetrator
 

ਅਪਰਾਧੀ/ਸੋਸ਼ਣ ਕਰਨ ਵਾਲਾ

ਉਹ ਵਿਅਕਤੀ ਜੋ ਗੈਰਕਾਨੂੰਨੀ, ਅਪਰਾਧਿਕ ਜਾਂ ਨੁਕਸਾਨਦੇਹ ਕੰਮ ਕਰਦਾ ਹੈ, ਜਿਸ ਵਿੱਚ ਘਰੇਲੂ, ਪਰਿਵਾਰਕ ਜਾਂ ਜਿਨਸੀ ਹਿੰਸਾ ਵੀ ਸ਼ਾਮਲ ਹੈ।
Physical violenceਸਰੀਰਕ ਹਿੰਸਾਸਰੀਰਕ ਹਿੰਸਾ ਉਹ ਕੋਈ ਵੀ ਹਿੰਸਕ ਵਿਵਹਾਰ ਜਾਂ ਹਿੰਸਾ ਦੀਆਂ ਧਮਕੀਆਂ ਹੁੰਦੀਆਂ ਹਨ। ਇਹ ਕਿਸੇ ਵਿਅਕਤੀ, ਉਸ ਦੇ ਬੱਚਿਆਂ, ਹੋਰ ਪਰਿਵਾਰ, ਦੋਸਤਾਂ, ਪਾਲਤੂ ਜਾਨਵਰਾਂ ਜਾਂ ਸੰਪਤੀ ਵੱਲ ਕੀਤੀ ਜਾ ਸਕਦੀ ਹੈ।
Respectful 
relationships
ਸਤਿਕਾਰਪੂਰਨ ਰਿਸ਼ਤੇਸਤਿਕਾਰਪੂਰਨ ਰਿਸ਼ਤਾ ਆਪਸੀ ਭਰੋਸੇ, ਸੁਰੱਖਿਅਤ ਮਹਿਸੂਸ ਕਰਨ ਅਤੇ ਬਰਾਬਰੀ ਦੇ ਸਾਥੀ ਹੋਣ 'ਤੇ ਬਣਿਆ ਹੁੰਦਾ ਹੈ।
Sexual violence
 

ਜਿਨਸੀ ਹਿੰਸਾ

ਜਿਨਸੀ ਹਿੰਸਾ ਤਾਕਤ ਅਤੇ ਕੰਟਰੋਲ ਨਾਲ ਜੁੜੀ ਹੁੰਦੀ ਹੈ, ਅਤੇ ਇਹ ਕਿਸੇ ਨਾਲ ਵੀ ਹੋ ਸਕਦੀ ਹੈ।
ਇਸ ਵਿੱਚ ਉਹ ਹਰ ਕਿਸਮ ਦਾ ਜਿਨਸੀ ਸੰਪਰਕ, ਗਤੀਵਿਧੀ, ਕਿਰਿਆ ਜਾਂ ਵਿਵਹਾਰ ਸ਼ਾਮਲ ਹੁੰਦਾ ਹੈ, ਜੋ ਕਿਸੇ ਵਿਅਕਤੀ ਦੀ ਮਰਜ਼ੀ ਦੇ ਖਿਲਾਫ਼ ਅਤੇ ਬਿਨਾਂ ਰਜ਼ਾਮੰਦੀ ਤੋਂ ਕੀਤਾ ਜਾਂਦਾ ਹੈ।

ਜੇਕਰ ਕਿਸੇ ਵਿਅਕਤੀ ਨਾਲ ਹਿੱਸਾ ਲੈਣ ਲਈ ਜ਼ਬਰਦਸਤੀ ਕੀਤੀ ਗਈ ਹੈ, ਮਜ਼ਬੂਰ ਕੀਤਾ ਗਿਆ ਹੈ ਜਾਂ ਦਬਾਅ ਪਾਇਆ ਗਿਆ ਹੈ, ਤਾਂ ਇਹ ਰਜ਼ਾਮੰਦੀ ਨਹੀਂ ਹੁੰਦੀ ਹੈ।

Social isolation 
(or social violence)
 

ਸਮਾਜਿਕ ਤੌਰ 'ਤੇ ਇਕੱਲਾ ਕਰਨਾ (ਜਾਂ ਸਮਾਜਿਕ ਹਿੰਸਾ)

ਸਮਾਜਿਕ ਤੌਰ 'ਤੇ ਇਕੱਲਾ ਕਰਨਾ (ਜਾਂ ਸਮਾਜਿਕ ਹਿੰਸਾ) ਕਿਸੇ ਨੂੰ ਦੋਸਤਾਂ, ਪਰਿਵਾਰ, ਕੰਮ ਅਤੇ/ਜਾਂ ਹੋਰ ਸਮਾਜਿਕ ਮੌਕਿਆਂ ਤੋਂ ਦੂਰ ਰੱਖਣਾ ਹੈ।
Spiritual abuseਅਧਿਆਤਮਿਕ ਸ਼ੋਸ਼ਣ

ਅਧਿਆਤਮਿਕ ਸੋਸ਼ਣ ਕਿਸੇ ਨੂੰ ਆਪਣੇ ਅਧਿਆਤਮਿਕ ਸੰਬੰਧਾਂ ਅਤੇ ਅਭਿਆਸਾਂ ਦੀ ਪਸੰਦ ਬਾਰੇ ਉਨ੍ਹਾਂ ਦੀ ਚੋਣ ਨੂੰ ਪ੍ਰਭਾਵਿਤ ਕਰਨਾ ਹੈ।

ਇਹ ਕਿਸੇ ਨੂੰ ਪੂਜਾ ਸਥਾਨਾਂ ਤੋਂ ਦੂਰ ਰੱਖਣਾ, ਜਾਂ ਉਨ੍ਹਾਂ ਨੂੰ ਅਜਿਹੀਆਂ ਅਧਿਆਤਮਿਕ ਜਾਂ ਧਾਰਮਿਕ ਰੀਤਾਂ ਵਿੱਚ ਹਿੱਸਾ ਲੈਣ ਲਈ ਮਜ਼ਬੂਰ ਕਰਨਾ ਹੋ ਸਕਦਾ ਹੈ ਜਿਸ ਵਿੱਚ ਉਹ ਸ਼ਾਮਲ ਨਹੀਂ ਹੋਣਾ ਚਾਹੁੰਦੇ ਹਨ।

Technology-facilitated abuseਤਕਨਾਲੋਜੀ-ਰਾਹੀਂ ਸ਼ੋਸ਼ਣ 

ਤਕਨਾਲੋਜੀ-ਰਾਹੀਂ ਸੋਸ਼ਣ ਵਿੱਚ ਟੈਕਸਟ ਮੈਸਜ਼, ਈਮੇਲ ਜਾਂ ਫ਼ੋਨ ਰਾਹੀਂ ਸੋਸ਼ਣ ਕਰਨਾ, ਨਿਗਰਾਨੀ ਕਰਨਾ, ਬੇਇੱਜ਼ਤ ਕਰਨਾ ਜਾਂ ਸਜ਼ਾ ਦੇਣਾ ਸ਼ਾਮਲ ਹੁੰਦਾ ਹੈ।

ਇਹ ਉਦੋਂ ਵੀ ਹੁੰਦਾ ਹੈ ਜਦੋਂ ਕੋਈ ਸੋਸ਼ਣ ਕਰਨ ਵਾਲਾ ਕਿਸੇ ਦੀਆਂ ਹਰਕਤਾਂ ਅਤੇ ਸੁਨੇਹਿਆਂ ਜਾਂ ਈਮੇਲਾਂ ਨੂੰ ਟਰੈਕ ਕਰਨ ਜਾਂ ਨਿਗਰਾਨੀ ਕਰਨ ਲਈ ਤਕਨਾਲੋਜੀ ਦੀ ਵਰਤੋਂ ਕਰਦਾ ਹੈ।

ਸੋਸ਼ਣ ਕਰਨ ਵਾਲੇ ਨਿੱਜੀ ਜਾਂ ਕਾਮੁਕ ਫ਼ੋਟੋਆਂ ਜਾਂ ਵੀਡੀਓ ਨੂੰ ਅੱਗੇ ਸਾਂਝਾ ਕਰਨ ਦੀ ਧਮਕੀ ਵੀ ਦੇ ਸਕਦੇ ਹਨ ਜਾਂ ਫੈਲਾ ਸਕਦੇ ਹਨ।

Tracking ਟਰੈਕਿੰਗਜਦੋਂ ਕੋਈ ਕਿਸੇ ਦੂਜੇ ਵਿਅਕਤੀ ਦੀਆਂ ਹਰਕਤਾਂ ਨੂੰ ਉਨ੍ਹਾਂ ਦੀ ਜਾਣਕਾਰੀ ਜਾਂ ਰਜ਼ਾਮੰਦੀ ਤੋਂ ਬਿਨਾਂ ਟਰੈਕ ਕਰਦਾ ਹੈ।
Victim-survivor ਉਹ ਵਿਅਕਤੀ ਜੋ ਪਰਿਵਾਰਕ ਅਤੇ ਘਰੇਲੂ ਹਿੰਸਾ ਦਾ ਅਨੁਭਵ ਕਰਦਾ ਹੈ ਜਾਂ ਅਨੁਭਵ ਕਰਨਾ ਜਾਰੀ ਰੱਖਦਾ ਹੈ

ਉਹ ਲੋਕ ਜਿਨ੍ਹਾਂ ਨੇ ਪਰਿਵਾਰਕ, ਘਰੇਲੂ ਅਤੇ ਜਿਨਸੀ ਹਿੰਸਾ ਦਾ ਅਨੁਭਵ ਕੀਤਾ ਹੈ।

ਇਹ ਸ਼ਬਦ ਉਨ੍ਹਾਂ ਲੋਕਾਂ ਦੁਆਰਾ ਦਿਖਾਈ ਗਈ ਤਾਕਤ ਅਤੇ ਲਚਕੀਲੇਪਣ ਨੂੰ ਸਵੀਕਾਰ ਕਰਨ ਲਈ ਸਮਝਿਆ ਜਾਂਦਾ ਹੈ ਜਿਨ੍ਹਾਂ ਨੇ ਹਿੰਸਾ ਦਾ ਅਨੁਭਵ ਕੀਤਾ ਹੈ ਜਾਂ ਵਰਤਮਾਨ ਵਿੱਚ ਹਿੰਸਾ ਨਾਲ ਜਿਬਨ ਬਤੀਤ ਕਰ ਰਹੇ ਹਨ।

ਜਿਨ੍ਹਾਂ ਲੋਕਾਂ ਨੇ ਹਿੰਸਾ ਦਾ ਅਨੁਭਵ ਕੀਤਾ ਹੈ ਉਨ੍ਹਾਂ ਦੀਆਂ ਵੱਖੋ-ਵੱਖਰੀਆਂ ਤਰਜੀਹਾਂ ਹੁੰਦੀਆਂ ਹਨ ਕਿ ਉਹ ਕਿਵੇਂ ਪਛਾਣੇ ਜਾਣੇ ਚਾਹੁੰਦੇ ਹਨ ਅਤੇ ਆਪਣੇ ਆਪ ਨੂੰ ਵੱਖਰੇ ਤੌਰ 'ਤੇ ''ਪੀੜਤ'' ਜਾਂ “ਬਚਣ ਵਾਲੇ'', ਜਾਂ ਕਿਸੇ ਹੋਰ ਸ਼ਬਦ ਦੀ ਵਰਤੋਂ ਕਰਨਾ ਚੁਣ ਸਕਦੇ ਹਨ।

ਕੁੱਝ ਲੋਕ “ਹਿੰਸਾ ਦਾ ਅਨੁਭਵ ਕਰਨ ਵਾਲੇ ਲੋਕ” ਜਾਂ “ਹਿੰਸਾ ਦਾ ਅਨੁਭਵ ਕਰਨ ਦੇ ਜ਼ੋਖਮ ਵਿਚਲੇ ਲੋਕ” ਵਰਗੇ ਸ਼ਬਦਾਂ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ।

Visa abuseਵੀਜ਼ਾ ਸੰਬੰਧੀ ਸੋਸ਼ਣਕਿਸੇ ਵਿਅਕਤੀ ਦੇ ਵੀਜ਼ਾ ਦਰਜੇ ਦੀ ਵਰਤੋਂ ਉਹਨਾਂ ਨੂੰ ਕੰਟਰੋਲ ਕਰਨ ਲਈ ਕਰਨਾ ਅਤੇ ਉਹਨਾਂ ਨੂੰ ਡਿਪੋਰਟ (ਦੇਸ਼ ਨਿਕਾਲਾ) ਦੇਣ ਦੀ ਧਮਕੀ ਦੇਣਾ।

Have a question or want to report a problem?

Fill in the form to get assistance or tell us about a problem with this information or service.

Send feedback